ਤਰਨਤਾਰਨ ‘ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

DD Punjab news : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਜਾਮਰਾਈ ਤੋਂ ਕੋਟ ਮੁਹੰਮਦ ਖਾਂ ਨੂੰ ਜਾਂਦੀ ਸੜਕ ‘ਤੇ ਬੀਤੀ ਦੇਰ ਰਾਤ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (30) ਵਾਸੀ ਪਿੰਡ ਘੜਕਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਪੰਜਾਬ ਰੋਡਵੇਜ਼ ਤਰਨਤਾਰਨ ਵਿਖੇ ਆਰਜ਼ੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਤਰਨਤਾਰਨ ਤੋਂ ਮੋਟਰਸਾਈਕਲ ਪੀ.ਬੀ.10 ਐਚ.ਜੀ.6228 ‘ਤੇ ਦੇਰ ਸ਼ਾਮ ਆਪਣੇ ਪਿੰਡ ਘੜਕਾ ਨੂੰ ਜਾ ਰਿਹਾ ਸੀ। ਜਦੋਂ ਕੋਟ ਮੁਹੰਮਦ ਤੋਂ ਜਾਮਰਾਈ ਰੋਡ ‘ਤੇ ਬਾਬਾ ਭੰਡਾਰੀ ਜੀ ਦੇ ਗੁਰਦੁਆਰੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਡੀਐਸਪੀ ਸਬ-ਡਵੀਜ਼ਨ ਗੋਇੰਦਵਾਲ ਰਵੀਸ਼ੇਰ ਸਿੰਘ ਅਤੇ ਥਾਣਾ ਗੋਇੰਦਵਾਲ ਦੇ ਇੰਚਾਰਜ ਪਰਮਜੀਤ ਸਿੰਘ ਵਿਰਦੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।