Muktsar : ਲੰਗਰ ਦੀ ਸੇਵਾ ਕਰ ਰਹੇ ਨਿਹੰਗ ਸਿੰਘ ਦੀ ਸਿਰ ‘ਚ ਰਾਡ ਮਾਰ ਕੇ ਹੱਤਿਆ
DD Punjab news : ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ’ਚ ਗਿੱਦੜਬਾਹਾ-ਮਲੋਟ ਰੋਡ ’ਤੇ ਬੀਤੀ ਰਾਤ ਮਾਰਕਫੈੱਡ ਪਲਾਂਟ ਦੇ ਨਜ਼ਦੀਕ ਸੜਕ ਕਿਨਾਰੇ ਲੰਗਰ ਦੀ ਸੇਵਾ ਨਿਭਾ ਰਹੇ ਇਕ ਨਿਹੰਗ ਸਿੰਘ ਦੀ ਦੋ ਅਣਪਛਾਤੇ ਵਿਅਕਤੀਆਂ ਨੇ ਸਿਰ ‘ਚ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨਿਹੰਗ ਜਸਵੀਰ ਸਿੰਘ ਦੀ ਪਤਨੀ ਰਾਜ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਹ ਦੋਵੇਂ ਪਤੀ- ਪਤਨੀ ਉਕਤ ਪਾਲੀਥੀਨ ਦੇ ਟੈਂਟ ‘ਚ ਸੁੱਤੇ ਪਏ ਸਨ ਕਿ ਰਾਤ ਨੂੰ ਦੋ ਵਿਅਕਤੀ ਆਏ। ਉਨ੍ਹਾਂ ਵੱਲੋਂ ਆਏ ਵਿਅਕਤੀਆਂ ਨੂੰ ਲੰਗਰ ਲਈ ਕਹਿਣ ‘ਤੇ ਉਕਤ ਅਣਪਛਾਤੇ ਵਿਅਕਤੀਆਂ ਨੇ ਕਿਹਾ ਕਿ ਉਹ ਲੰਗਰ ਨਹੀਂ ਖਾਣਗੇ ਤੇ ਇਸੇ ਦੌਰਾਨ ਉਨ੍ਹਾਂ ਉਸਦੇ ਪਤੀ ਜਸਵੀਰ ਸਿੰਘ ਨੂੰ ਟੈਂਟ ’ਚੋਂ ਬਾਹਰ ਕੱਢ ਲਿਆ ਤੇ ਉਸਦੇ ਸਿਰ ਤੇ ਅੱਖਾਂ ‘ਤੇ ਲੋਹੇ ਦੀ ਰਾਡ ਨਾਲ 3 ਵਾਰ ਕੀਤੇ ਜਿਸ ਕਾਰਨ ਉਸਦਾ ਪਤੀ ਮੌਕੇ ’ਤੇ ਹੀ ਦਮ ਤੋੜ ਗਿਆ। ਮ੍ਰਿਤਕ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚ ਇਕ ਲੜਕਾ ਸਤਨਾਮ 5 ਸਾਲ, ਏਕਮ 2 ਸਾਲ ਤੇ ਇੱਕ ਬੇਟੀ ਧਨਵੀਰ ਕੌਰ ਜੋ ਮਹਿਜ਼ ਤਿੰਨ ਮਹੀਨੇ ਦੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।