CBSE ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ
ਲੁਧਿਆਣ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਇਕ ਅਹਿਮ ਅਲਰਟ ਜਾਰੀ ਕੀਤਾ ਹੈ। ਸੀ. ਬੀ. ਆਈ. ਈ. ਨੇ ਕਿਹਾ ਕਿ ਬੋਰਡ ਨੇ 10ਵੀਂ ਅਤੇ 12ਵੀਂ ਕਲਾਸ ਦੇ ਵਾਧੂ ਪ੍ਰੈਕਟਿਸ ਪੇਪਰ ਤਿਆਰ ਕਰਨ ਨੂੰ ਲੈ ਕੇ ਕਿਸੇ ਵੀ ਬਾਹਰੀ ਕੰਪਨੀ ਜਾਂ ਪਬਲੀਸ਼ਰਜ਼ ਨਾਲ ਕਰਾਰ ਨਹੀਂ ਕੀਤਾ। ਸੀ. ਬੀ. ਐੱਸ. ਈ. ਦੇ ਬੁਲਾਰੇ ਨੇ ਕਿਹਾ ਕਿ 10ਵੀਂ ਅਤੇ 12ਵੀਂ ਕਲਾਸ ਦੇ ਸੈਂਪਲ ਪੇਪਰ ਬੋਰਡ ਦੀ ਵੈੱਬਸਾਈਟ ’ਤੇ ਮੁਫ਼ਤ ‘ਚ ਮੁਹੱਈਆ ਹਨ।
ਇਹ ਵਾਧੂ ਪ੍ਰੈਕਟਿਸ ਪੇਪਰ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬੋਰਡ ਵੱਲੋਂ ਹੀ ਬਣਾਏ ਗਏ ਹਨ, ਤਾਂ ਜੋ ਵਿਦਿਆਰਥੀਆਂ ਨੂੰ ਹਾਇਰ ਆਰਡਰ ਥਿੰਕਿੰਗ ਸਕਿੱਲ ’ਤੇ ਆਧਾਰਿਤ ਪ੍ਰਸ਼ਨਾਂ ਨੂੰ ਹੱਲ ਕਰਨ ’ਚ ਸਹੂਲਤ ਹੋਵੇ ਅਤੇ ਵਿਸ਼ਿਆਂ ਨੂੰ ਲੈ ਕੇ ਉਨ੍ਹਾਂ ਦੀ ਸਿਧਾਂਤਕ ਸਮਝ ਨੂੰ ਵਧਾਇਆ ਜਾ ਸਕੇ। ਸੀ. ਬੀ. ਐੱਸ. ਈ. ਨੇ ਨੋਟਿਸ ‘ਚ ਕਿਹਾ ਕਿ ਬੋਰਡ ਦੇ ਧਿਆਨ ‘ਚ ਆਇਆ ਹੈ ਕਿ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਕੁੱਝ ਨਿੱਜੀ ਪ੍ਰਕਾਸ਼ਕਾਂ ਦੀਆਂ ਸਾਈਟਾਂ ਤੋਂ ਸੀ. ਬੀ. ਐੱਸ. ਟੀ. ਪ੍ਰੈਕਟਿਸ ਪੇਪਰ ਦੇਖਣ ਲਈ ਕਿਹਾ ਜਾ ਰਿਹਾ ਹੈ।
ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਜਿਹੇ ਦਾਅਵੇ ਅਤੇ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ। ਵਿਦਿਆਰਥੀ ਇਨ੍ਹਾਂ ਪ੍ਰੈਕਟਿਸ ਪੇਪਰਾਂ ਨੂੰ ਸੀ. ਬੀ. ਐੱਸ. ਈ. ਅਕੈਡਮਿਕ ਵੈੱਬਸਾਈਟ cbseacademic.nic.in ’ਤੇ ਜਾ ਕੇ ਮੁਫ਼ਤ ‘ਚ ਡਾਊਨਲੋਡ ਕਰ ਸਕਦੇ ਹਨ। ਬੋਰਡ ਨੇ 2024 ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ’ਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਵਿਸ਼ੇਵਾਰ ਸੈਂਪਲ ਪੇਪਰ ਅਤੇ ਮਾਰਕਿੰਗ ਸਕੀਮ ਵੀ ਜਾਰੀ ਕੀਤੀ ਹੈ।