ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਦੇਣ ਵਿਚ ਸੂਬੇ ਵਿਚੋਂ ਜਲੰਧਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
DD Punjab news :ਜਲੰਧਰ ਜਿਲ੍ਹੇ ਨੂੰ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਪ੍ਰਦਾਨ ਕਰਨ ਦੇ ਖੇਤਰ ਵਿਚ ਸੂਬੇ ਵਿਚੋਂ ਪਹਿਲਾ ਸਥਾਨ ਮਿਲਿਆ ਹੈ। ਜਿਲ੍ਹੇ ਵਿਚ ਸੇਵਾ ਕੇਂਦਰਾਂ ਰਾਹੀਂ ਰੋਜ਼ਮੱਰਾ ਦੀਆਂ ਸੇਵਾਵਾਂ ਦੇਣ ਵਿਚ ਕੇਵਲ 0.01 ਫੀਸਦੀ ਅਰਜ਼ੀਆਂ ਬਕਾਇਆ ਹਨ ਜਦਕਿ ਪਿਛਲੇ ਇਕ ਸਾਲ ਵਿਚ 3.5 ਲੱਖ ਤੋਂ ਵੱਧ ਲੋਕਾਂ ਨੂੰ ਨਿਰਵਿਘਨ ਤਰੀਕੇ ਨਾਲ ਸਮਾਂਬੱਧ ਸੇਵਾਵਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਦੇ ਨਾਲ-ਨਾਲ ਲੋਕਾਂ ਦੇ ਸਹਿਯੋਗ ਤੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਹਨਤ ਦੇ ਨਾਲ ਇਹ ਸੰਭਵ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ 368481 ਬਿਨੈਪੱਤਰ ਪ੍ਰਾਪਤ ਹੋਏ ਜਿਸ ਵਿਚੋਂ 355024 ਦਾ ਮਿੱਥੇ ਸਮੇਂ ਅੰਦਰ ਨਿਪਟਾਰਾ ਕਰ ਦਿੱਤਾ ਗਿਆ ਜਦਕਿ 7175 ਨੂੰ ਰੱਦ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ 5514 ਬਿਨੈਪੱਤਰ ਪ੍ਰਕਿ੍ਰਆ ਅਧੀਨ ਹਨ ਜਿਨ੍ਹਾਂ ਦਾ ਨਿਰਧਾਰਿਤ ਸਮੇ ਅੰਦਰ ਸੇਵਾ ਪ੍ਰਦਾਨ ਕਰ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਹੜਤਾਲ ਕਾਰਨ ਬਕਾਇਆ ਅਰਜ਼ੀਆਂ ਦਾ ਨਿਪਟਾਰਾ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਲੋਕਾਂ ਨੂੰ ਸੇਵਾਵਾਂ ਤੇਜੀ ਤੇ ਸਰਲ ਤਰੀਕੇ ਨਾਲ ਦੇਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੇਵਾ ਕੇਂਦਰਾਂ ਰਾਹੀਂ ਪੰਜਾਬ ਸਰਕਾਰ ਵਲੋਂ 430 ਦੇ ਕਰੀਬ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿਚ ਮੁੱਖ ਤੌਰ ’ਤੇ ਜਨਮ ਤੇ ਮੌਤ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਵਿਆਹ ਰਜਿਸਟ੍ਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ, ਬਿਜਲੀ ਦੇ ਬਿੱਲ ਭਰਨ, ਪੇਂਡੂ ਖੇਤਰ ਦੇ ਸਰਟੀਫਿਕੇਟ, ਪੈਨਸ਼ਨ, ਅੰਗਹੀਣਤਾ ,ਜ਼ਮੀਨ ਦੀ ਤਕਸੀਮ, ਕੰਢੀ ਖੇਤਰ ਦੇ ਸਰਟੀਫਿਕੇਟ ਆਦਿ ਸ਼ਾਮਿਲ ਹਨ।