ਜੋੜ ਮੇਲੇ ‘ਚੋਂ ਸੰਤ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ ‘ਤੇ ਚੱਲੀਆਂ ਕਿਰਪਾਨਾਂ, ਪੁਲਿਸ ਮੁਲਾਜ਼ਮ ਤੇ ਕਮੇਟੀ ਪ੍ਰਧਾਨ ਜ਼ਖ਼ਮੀ
DD Punjab news : ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਪਿੰਡ ਪਹੂਵਿੰਡ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ‘ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਵਿਵਾਦ ਛਿੜ ਗਿਆ ਹੈ। ਕਥਿਤ ਤੌਰ ‘ਤੇ ਵਾਇਰਲ ਵੀਡੀਓ ‘ਚ ਕੁਝ ਨੌਜਵਾਨ ਜੋ ਮੇਲੇ ‘ਚ ਲੱਗੇ ਪੰਡਾਲ ਵਿੱਚ ਸੰਗਤਾਂ ਦੀਆਂ ਜੁੱਤੀਆਂ ਗੰਢਣ ਦੀ ਸੇਵਾ ਕਰਨ ਆਏ ਸਨ, ਵੱਲੋਂ ਪੰਡਾਲ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਲਗਾਈ ਗਈ ਸੀ ਜਿਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਤਰਵਾ ਦਿੱਤਾ ਗਿਆ ਸੀ। ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰਿਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜੁੱਤੀਆਂ ਗੰਢਣ ਵਾਲੀ ਥਾਂ ‘ਤੇ ਫ਼ੋਟੋ ਨਾ ਲਗਾਉਣ ਤੇ ਪ੍ਰਬੰਧਕ ਕਮੇਟੀ ਦੀ ਆਗਿਆ ਤੋਂ ਬਿਨਾਂ ਰਸਤੇ ‘ਚ ਤੰਬੂ ਲਗਾਉਣ ਬਾਰੇ ਕਿਹਾ ਸੀ,ਪ੍ਰੰਤੂ ਉਪਰੋਕਤ ਨੌਜਵਾਨਾਂ ਨੇ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਵੀਡੀਓ ‘ਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਜਦੋਂ ਉਪਰੋਕਤ ਮਾਮਲੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂ ਮੇਲੇ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਅੰਦਰ ਡਿਊਟੀ ‘ਤੇ ਤਾਇਨਾਤ ਅਫ਼ਸਰ ਨੂੰ ਮੈਮੋਰੈਂਡਮ ਸੌਂਪ ਕੇ ਬਾਹਰ ਆਏ ਤਾਂ ਗੁੱਸੇ ਵਿੱਚ ਭੀੜ ਨੇ ਪੁਲਿਸ ਮੁਲਾਜ਼ਮ ਦੀ ਗੱਡੀ ਜਿਸ ਵਿਚ ਕਰਨਲ ਹਰਿਸਿਮਰਨ ਸਿੰਘ ਸਵਾਰ ਸਨ,’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਭੀੜ ਨੇ ਕਰਨਲ ਹਰਿਸਿਮਰਨ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰ ਦਿੱਤੀ ਜਦੋਕਿ ਥਾਣਾ ਮੁਖੀ ਵੀ ਜ਼ਖਮੀ ਹੋ ਗਿਆ। ਘਟਨਾ 26 ਜਨਵਰੀ ਨੂੰ ਵਾਪਰੀ ਦੱਸੀ ਜਾਂਦੀ ਹੈ ਜਿਸ ਦੀ ਵੀਡੀਓ ਹੁਣ ਵਾਇਰਲ ਹੋਈ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਸਮਝੌਤਾ ਵੀ ਹੋ ਗਿਆ ਸੀ।