ਸਟੇਟ ਇਲੈਕਸ਼ਨ ਕਮਿਸ਼ਨ ਨਿਗਮ ਚੋਣਾਂ ਕਰਵਾਉਣ ਲਈ ਤਿਆਰ; ਪੰਜਾਬ ਸਰਕਾਰ ਦੀ ਹਰੀ ਝੰਡੀ ਦਾ ਇੰਤਜ਼ਾਰ
DD Punjab news : ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਟੇਟ ਇਲੈਕਸ਼ਨ ਕਮਿਸ਼ਨ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕਮਿਸ਼ਨ ਨੂੰ ਪੰਜਾਬ ਸਰਕਾਰ ਦੀ ਹਰੀ ਝੰਡੀ ਦਾ ਇੰਤਜ਼ਾਰ ਹੈ। ਕਿਉਂਕਿ ਚੋਣਾਂ ਕਰਵਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਅਜੇ ਤਕ ਮਨਜ਼ੂਰੀ ਨਹੀਂ ਦਿੱਤੀ ਹੈ। ਉੱਥੇ ਹੀ ਇਹ ਮਾਮਲਾ ਹਾਈ ਕੋਰਟ ਤਕ ਪਹੁੰਚ ਗਿਆ ਹੈ। ਜਿਸ ਨੂੰ ਦੇਖਦੇ ਹੋਏ ਸਥਾਨਕ ਸਰਕਾਰ ਨੇ ਐਡਵੋਕਟ ਜਨਰਲ ਤੋਂ ਸਲਾਹ ਮੰਗੀ ਹੈ। ਹਾਈ ਕੋਰਟ ਵੀ ਚੋਣਾਂ ‘ਚ ਹੋ ਰਹੀ ਦੇਰੀ ਨੂੰ ਲੈ ਕੇ ਸਖ਼ਤ ਹੈ।
ਸਟੇਟ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ, ਕਮਿਸ਼ਨ ਚੋਣ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਈਵੀਐਮ ਮਸ਼ੀਨਾਂ ਦਾ ਵੀ ਇੰਤਜ਼ਾਮ ਕੀਤਾ ਜਾ ਚੁੱਕਾ ਹੈ। ਕਿਉਂਕਿ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਸਥਾਨਕ ਸਰਕਾਰਾਂ ਵਿਭਾਗ ਨੇ ਜਾਰੀ ਕਰਨਾ ਹੈ। ਇਸ ਲਈ ਜਦੋਂ ਤਕ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ, ਉਦੋਂ ਤਕ ਕਮਿਸ਼ਨ ਚੋਣਾਂ ਨਹੀਂ ਕਰਵਾ ਸਕਦਾ। ਦੱਸ ਦੇਈਏ ਕਿ ਸੂਬੇ ‘ਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਫਗਵਾੜਾ ਨਗਰ ਨਿਗਮ ਸਮੇਤ 39 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਤੇ ਚੋਣਾਂ ਲੰਬਿਤ ਹਨ। ਇਹ ਚੋਣਾਂ ਪਿਛਲੇ ਸਾਲ ਨਵੰਬਰ ਮਹੀਨੇ ਹੋਣੀਆਂ ਚਾਹੀਦੀਆਂ ਸਨ ਪਰ ਸਰਕਾਰ ਅਜੇ ਤਕ ਚੋਣਾਂ ਨਹੀਂ ਕਰਵਾ ਸਕੀ ਹੈ।