ਸਬਜ਼ੀਆਂ ਨੂੰ ਮੁੜ ਤੜਕੇ ਲੱਗਣੇ ਸ਼ੁਰੂ, 250 ਰੁਪਏ ਵਾਲਾ ਟਮਾਟਰ 80 ‘ਤੇ ਪਹੁੰਚਿਆ
ਬਾਰਸ਼ ਦਾ ਕਹਿਰ ਥੰਮਣ ਮਗਰੋਂ ਫਲਾਂ ਤੇ ਸਬਜ਼ੀਆਂ ਦੇ ਰੇਟ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ। ਇਸ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਟਮਾਟਰ ਦਾ ਰੇਟ 250 ਰੁਪਏ ਤੋਂ ਘਟ ਕਕੇ 80 ਰੁਪਏ ਕਿੱਲੋ ਹੋ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਅਸਮਾਨ ਨੂੰ ਛੂਹ ਰਹੇ ਸਬਜ਼ੀਆਂ ਦੇ ਭਾਅ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ। ਖਾਸ ਕਰਕੇ ਟਮਾਟਰ, ਜੋ ਥੋਕ ਵਿੱਚ 200 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਿਆ ਸੀ, ਹੁਣ ਸਥਿਤੀ ਵਿੱਚ ਸੁਧਾਰ ਹੋਣ ਕਾਰਨ 50 ਫੀਸਦੀ ਤੱਕ ਹੇਠਾਂ ਆ ਗਿਆ ਹੈ। ਭਾਅ ਘਟਣ ਮਗਰੋਂ ਟਮਾਟਰ ਮੁੜ ਤੋਂ ਰੇਹੜੀਆਂ ‘ਤੇ ਦਿਖਾਈ ਦੇਣ ਲੱਗ ਪਏ ਹਨ।
ਇਸ ਦੇ ਨਾਲ ਹੀ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵੀ 10 ਤੋਂ 20 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਹੈ। ਇਸ ਕਾਰਨ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਵਧਣ ਕਾਰਨ 15 ਦਿਨ ਬੜੀ ਮੁਸ਼ਕਲ ਨਾਲ ਲੰਘੇ ਹਨ। ਲੋਕਾਂ ਨੇ ਬਗੈਰ ਟਮਾਟਰ ਤੇ ਅਦਰਕ ਤੋਂ ਹੀ ਸਬਜ਼ੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ।
ਉਧਰ ਫਲ ਤੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਹੜ੍ਹਾਂ ਤੇ ਬਾਰਸ਼ ਤੋਂ ਰਾਹਤ ਮਿਲਣ ਤੋਂ ਬਾਅਦ ਸਬਜ਼ੀਆਂ ਦੇ ਭਾਅ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ। 150 ਤੋਂ 200 ਰੁਪਏ ਤੱਕ ਪੁੱਜਣ ਵਾਲਾ ਟਮਾਟਰ ਹੁਣ 60 ਤੋਂ 80 ਰੁਪਏ ਤੱਕ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਸ਼ਿਮਲਾ ਮਿਰਚ, ਗੋਭੀ, ਆਲੂ ਤੇ ਪਿਆਜ਼ ਸਮੇਤ ਹੋਰ ਸਬਜ਼ੀਆਂ ਦੇ ਭਾਅ ਵਿੱਚ ਵੀ 10 ਤੋਂ 20 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ ਜੇਕਰ ਮੌਸਮ ਸਾਫ ਰਹਿੰਦਾ ਹੈ ਤਾਂ ਸਥਿਤੀ ਹੋਰ ਸੁਧਰ ਜਾਵੇਗੀ।